Monday 24 August 2015

ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ

ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ





ਦਿਖਾਈਆਂ ਗਈਆਂ ਫ਼ਿਲਮਾਂ ਦੇ ਪੋਸਟਰ

ਲੋਕਪੱਖੀ ਫ਼ਿਲਮਾਂ ਦੇ ਪਰਦਰਸ਼ਣ ਲਈ ਜਾਣੀ ਜਾਂਦੀ ਸੰਸਥਾ ਦਿ ਪੀਪਲਜ਼ ਵਾਇਸ ਵਲੋਂ  ਐਤਵਾਰ 23 ਅਗਸਤ, 2015 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਅਤੇ ਫੀਚਰ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ। 


''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੈਲੇਸ਼

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਮੈਂਬਰ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਦੱਸਿਆ ਕਿ ਕਿਵੇਂ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਦੇ ਪਰਦਰਸ਼ਨ ਨੂੰ ਦਿੱਲੀ ਵਿੱਚ ਫਾਸ਼ੀਵਾਦੀਆਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੇ ਵਿਰੋਧ ਵਜੋਂ ਪੂਰੇ ਭਾਰਤ ਵਿਚ ਇਸ ਫ਼ਿਲਮ ਦੇ ਪਰਦਰਸ਼ਨ ਜ਼ਾਰੀ ਨੇ। ਉਨ੍ਹਾਂ ਜੋੜਿਆ ਕਿ ਸੰਸਥਾ ਵਲੋਂ ਇਸ ਫ਼ਿਲਮ ਨੂੰ ਦਿਖਾਉਣ ਦੀ ਯੋਜਨਾ ਕੁਝ ਮਹੀਨੇ ਬਾਅਦ ਦੀ ਸੀ। ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਕਿ ਭਾਵੇਂ ਇਸ ਮਹੀਨੇ ਦਿਖਾਈ ਜਾਣ ਵਾਲ਼ੀ ਫ਼ਿਲਮ ਦਾ ਨਾਂ ਬਾਰੇ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਪਰ ਫ਼ਿਲਮ ਦੇ ਪਰਦਰਸ਼ਨ ਨੂੰ ਰੋਕਣ ਦੀ ਘਟਨਾ ਨੇ ਇਸ ਫ਼ਿਲਮ ਦੇ ਪਰਦਰਸ਼ਨ ਨੂੰ ਤਰਜੀਹ ਤੇ ਲਿਆ ਦਿੱਤਾ, ਇਸ ਲਈ ਫ਼ਿਲਮ ਦੀਆਂ ਕੁਝ ਝਲਕੀਆਂ ਹੀ ਪਰਦਰਸ਼ਤ ਕੀਤੀਆਂ ਜਾ ਰਹੀਆਂ ਹਨ।




  ''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਦਾ ਇੱਕ ਦ੍ਰਿਸ਼

ਇਸ ਪਰਦਰਸ਼ਨ ਤੋਂ ਬਾਅਦ ਸਈਦ ਮਿਰਜ਼ਾ ਨਿਰਦੇਸ਼ਤ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਦਿਖਾਈਆਂ ਗਈਆਂ ਫ਼ਿਲਮਾਂ ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ। ਚਰਚਾ ਦੀ ਸ਼ੁਰੂਆਤ ਕਰਦਿਆਂ ਉੱਘੇ ਤਰਕਸ਼ੀਲ ਆਗੂ ਪਰਮਜੀਤ ਨੇ ਸੰਸਥਾ ਦੇ ਯਤਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਫ਼ਿਲਮਾਂ ਵਿਚ ਬੜੇ ਗੰਭੀਰ ਮੁੱਦੇ ਉਠਾਏ ਗਏ ਹਨ ਅਤੇ ਦੋਵਾਂ ਫ਼ਿਲਮਾਂ ਵਿਚ ਬਹੁਤ ਕੁਝ ਸਾਂਝਾ ਵੀ ਹੈ। ਉਨ੍ਹਾਂ ਨੇ ਫਾਸ਼ੀਵਾਦ ਦੇ ਵਿਰੋਧ ਵਿਚ ਸਾਂਝਾ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੱਤਾ। 




                                           ''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਦਾ ਇੱਕ ਦ੍ਰਿਸ਼

ਚਰਚਾ ਨੂੰ ਅੱਗੇ ਵਧਾਉਂਦਿਆਂ ਉੱਘੇ ਗਜ਼ਲਗੋ ਅਤੇ ਅਲੋਚਕ ਸੁਰਜੀਤ ਜੱਜ ਨੇ ਕਿਹਾ ਕਿ ਸਲੀਮ ਲੰਘੜੇ ਦਾ ਸੁਪਨਾ ਤਾਂ ਹੀ ਪੂਰਾ ਨਹੀਂ ਹੁੰਦਾ ਕਿਉਂਕਿ ਉਹ ਇੱਕ ਵਿਅਕਤੀਗਤ ਸੁਪਨਾ ਸੀ ਅਤੇ ਉਸ ਸੁਪਨੇ ਨੇ ਟੁੱਟਣਾ ਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋੜ ਸਮੂਹੱਕ ਸਰਗਰਮੀਆਂ ਰਾਹੀਂ ਸੁਪਨਿਆਂ ਨੂੰ ਪੂਰਾ ਕਰਨ ਦੀ ਹੈ। ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਦੀ ਸੂਝ ਦੀ ਦਾਦ ਦਿੰਦਿਆਂ ਕਿਹਾ ਕਿ ਫ਼ਿਲਮ ਵਿਚ ਬਰੀਕ ਬਿੰਬਾਂ ਰਾਹੀਂ ਧਰਮ ਅਤੇ ਸਰਮਾਏ ਦੇ ਨਾਪਾਕ ਗੱਠਜੋੜ ਨੂੰ ਜਾਹਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 25 ਸਾਲ ਪਹਿਲਾਂ ਬਣੀ ਇਹ ਫ਼ਿਲਮ  ਅੱਜ ਵੀ ਸਾਰਥਕ ਹੈ ਅਤੇ ਆਉਣ ਵਾਲ਼ੇ ਭਵਿੱਖ ਵਿਚ ਵੀ ਇਸ ਦੀ ਸਾਰਥੱਕਤਾ ਬਰਕਰਾਰ ਰਹੇਗੀ। ਰਾਕੇਸ਼ ਆਨੰਦ ਦਾ ਕਹਿਣਾ ਸੀ ਕਿ ਫ਼ਿਲਮ ਆਪਣੀ ਹਾਲਤ ਸੁਧਾਰਨ ਲਈ ਸਿੱਖਿਆ ਤੇ ਜ਼ੋਰ ਦਿੰਦੀ ਹੈ। ਵਿਚਾਰ-ਚਰਚਾ ਨੂੰ ਹੋਰ ਅੱਗੇ ਵਧਾਉਂਦਿਆਂ ਸ਼ੈਲੇਸ਼ ਨੇ ਸਲੀਮ ਲੰਗੜੇ ਤੋਂ ਸਲੀਮ ਪਾਸ਼ਾ ਦੇ ਸਫ਼ਰ ਵਿਚਲੀਆਂ ਤੰਦਾਂ ਫੜਦਿਆਂ ਫ਼ਿਲਮ ਵਿਚ ਧਰਮਨਿਰਪੱਖ ਤਾਕਤਾਂ ਨੂੰ ਚਿੰਨਤ ਕੀਤਾ। ਵਿਚਾਰ-ਚਰਚਾ ਨੂੰ ਸਮੇਟਦਿਆਂ ਸੰਸਥਾ ਮੈਂਬਰ ਕੁਲਵਿੰਦਰ ਨੇ ਇਤਿਹਾਸ ਨੂੰ ਫਰੋਲਦਿਆਂ ਦੱਸਿਆ ਕਿ ਫ਼ਿਲਮ ਦਾ ਪਿਛੋਕੜ 1980 ਵਿਆਂ ਦੀ ਬੰਬਈ ਦੀ ਕੱਪੜਾ ਮਿੱਲ ਹੜਤਾਲ ਦੇ ਜ਼ਬਰੀ ਕੁਚਲਣ ਤੋਂ ਬਾਅਦ ਦੇ ਹਾਲਾਤ ਦਾ ਹੈ ਜਦ ਰੁਜ਼ਗਾਰ ਖੁੱਸਣ ਨਾਲ਼ ਮਜ਼ਦੂਰਾਂ ਦੀਆਂ ਔਲਾਦਾਂ ਸਿੱਖਿਆ ਅਤੇ ਚੰਗੇ ਮਾਹੌਲ ਦੀ ਅਣਹੋਦ ਕਾਰਨ ਗਰਦਿਸ਼ ਵਿਚ ਚਲੀਆਂ ਗਈਆਂ। ਵਿਰੋਧ ਵਜੋਂ ਇਨ੍ਹਾਂ ਬੱਚਿਆਂ ਦਾ ਇੱਕ ਹਿੱਸਾ ਦਾ ਮਾਫ਼ੀਆ ਬਣ ਗਿਆ ਜਿਸ ਨੂੰ ਸਰਮਾਏਦਾਰੀ ਨੇ ਮੁੜਵੇਂ ਰੂਪ ਵਿਚ ਮਜ਼ਦੂਰ ਜਮਾਤ ਦੇ ਖਿਲਾਫ਼ ਹੀ ਵਰਤਿਆ। 






ਫ਼ਿਲਮ ਦੇਖਦੇ ਹੋਏ ਦਰਸ਼ਕ

ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਮੈਂਬਰ ਮਹੇਸ਼ਵਰ ਵਲੋਂ ਆਉਣ ਵਾਲ਼ੇ ਮਹੀਨਿਆਂ ਵਿਚ ਰਾਏਕੋਟ ਅਤੇ ਡਲਹੌਜ਼ੀ ਵਿਖੇ ਕਰਵਾਈਆਂ ਜਾਣ ਵਾਲ਼ੀਆਂ ਫ਼ਿਲਮ ਮਿਲਣੀਆਂ ਦੀ ਸੂਚਨਾ ਦਿੱਤੀ ਗਈ ਅਤੇ ਇਸ ਸ਼ੋਅ ਵਿਚ ਹਾਜ਼ਰ ਦਰਸ਼ਕਾਂ ਦਾ ਸੰਸਥਾ ਵਲੋਂ ਧੰਨਵਾਦ ਕੀਤਾ।
***