Wednesday, 25 February 2015

ਰੇਡੀਓ ਕਮਸ ਟੂ ਰਾਮਪੁਰ ਦਾ ਪਰਦਰਸ਼ਨ





ਬੀਤੇ ਐਤਵਾਰ 22 ਫਰਵਰੀ, 2014 ਨੂੰ ਦਿ ਪੀਪਲਜ਼ ਵਾਇਸ ਵਲੋਂ ਮਾਸਿਕ ਫ਼ਿਲਮ ਸ਼ੋਅ  ਤਹਿਤ ਫ਼ਿਲਮ 'ਰੇਡੀਓ ਕਮਸ ਟੂ ਰਾਮਪੁਰ' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ ਆਸ਼ਾ ਦੱਤਾ ਦੁਆਰਾ ਬਣਾਈ ਇਹ ਫ਼ਿਲਮ ਭਾਵੇਂ ਬਾਲ ਫ਼ਿਲਮ ਹੈ ਪਰ ਇਸ ਦੀ ਖੂਬੀ ਇਹ ਹੈ ਕਿ ਇਸ ਨੂੰ ਵੱਡੇ ਵੀ ਓਨਾ ਹੀ ਮਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਪੁਰਾਣੇ ਜਗੀਰੂ ਸਮਾਜ ਵਿਚ ਇਕ ਪਿੰਡ ਰਾਮਪੁਰ ਦੇ ਜਗੀਰਦਾਰ ਦੇ ਘਰ ਰੇਡੀਓ ਲਿਆਉਣ ਦੀ ਕਹਾਣੀ ਨੂੰ ਮਜ਼ਾਹੀਆ ਅੰਦਾਜ਼ ਵਿਚ ਬਿਆਨ ਕਰਦੀ ਸਮਾਜ ਦੇ ਯਥਾਰਥ ਨੂੰ ਦਰਸਾਉਂਦੀ ਹੈ। 
ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਹੋਈ ਵਿਚਾਰ ਚਰਚਾ ਦੌਰਾਨ ਸੁਰਜੀਤ ਜੱਜ ਨੇ ਕਿਹਾ ਕਿ ਫ਼ਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਮਿੱਥ ਕਿਵੇਂ ਬਣਦੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਔਖੇ ਵਿਸ਼ੇ ਨੂੰ ਮਜ਼ਾਹੀਆ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੇਡੀਓ ਜਿਹੀ ਵਿਗਿਆਨਕ ਚੀਜ਼ ਨਾਲ਼ ਵੀ ਕਿਵੇਂ ਸਾਡਾ ਸਮਾਜ ਧਰਮ ਅਤੇ ਅੰਧਵਿਸ਼ਵਾਸ ਜੋੜ ਲੈਂਦਾ ਹੈ। ਚਰਚਾ ਨੂੰ ਅੱਗੇ ਵਧਾਉਂਦਿਆਂ ਰਾਕੇਸ਼ ਆਨੰਦ ਨੇ ਕਿਹਾ ਕਿ ਫ਼ਿਲਮ ਵਿਚ ਬਹੁਤ ਵਧੀਆ ਢੰਗ ਨਾਲ਼ ਸਮਾਜ ਦੀ ਤੋਰ ਨੂੰ ਬਿਆਨਿਆ ਗਿਆ ਹੈ। ਉਨ੍ਹਾਂ ਨੇ ਵਾਧਾ ਕੀਤਾ ਕਿ ਫ਼ਿਲਮ ਵਿਚ ਕੁਝ ਨੌਕਰਾਂ ਤੇ ਮਾਲਕਾਂ ਦਾ ਬਰਾਬਰ ਬੈਠ ਕੇ ਖਾਣਾ ਜਿਹੀਆਂ ਕੁਝ ਚੀਜ਼ਾਂ ਯਥਾਰਥ ਨਾਲ ਮੇਲ਼ ਨਹੀਂ ਖਾਂਦੀਆਂ। ਬਹਿਸ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਭਾਵੇਂ ਫ਼ਿਲਮ ਦੀਆਂ ਕੁਝ ਸੀਮਤਾਈਆਂ ਹਨ ਪਰ ਫਿਰ ਵੀ ਫ਼ਿਲਮ ਵਿਚ ਪਿਛਾਂਹ ਵਲ ਝਿਉਰਾ ਨਹੀਂ ਹੈ ਸਗੋਂ ਫ਼ਿਲਮ ਦੀ ਕਹਾਣੀ ਫਲੈਸ਼ ਬੈਕ ਤਕਨੀਕ ਰਾਹੀਂ ਤੀਜੀ ਪੀੜ੍ਹੀ ਚੌਥੀ ਨੂੰ ਸਣਾਉਂਦੀ ਹੈ। ਇਹ ਮਗਰਲੀਆਂ ਪੀੜ੍ਹੀਆਂ ਸ਼ਹਿਰ ਵਿਚ ਵਸ ਰਹੀਆਂ ਹਨ। ਜਮਾਨਾ ਕਿਤੇ ਅੱਗੇ ਵਧ ਚੁਕਿਆ ਹੈ। ਇਹੀ ਇਸ ਫ਼ਿਲਮ ਦਾ ਮਜ਼ਬੂਤ ਨੁਕਤਾ ਹੈ। 
ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ, ਇਹ ਫ਼ਿਲਮ ਸ਼ੋਅ ਪਿਛਲੇ ਕਈ ਸਾਲਾਂ ਨੂੰ ਲਗਾਤਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੋਂ ਬਾਅਦ ਇਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।
- ਕੁਲਵਿੰਦਰ