Basu Chaterjee's Hindi Film "Ek Ruka Hua Faisla Screened" by the People's Voice
ਬਾਸੂ ਚੈਟਰਜ਼ੀ ਦੀ ਹਿੰਦੀ ਫ਼ਿਲਮ ''ਏਕ ਰੁਕਾ ਹੋਇਆ ਫੈਸਲਾ'' ਦਾ ਦਿ ਪੀਪਲਜ਼ ਵਾਇਸ ਵਲੋਂ ਸਫ਼ਲ ਪਰਦਰਸ਼ਨ
ਲੰਘੇ ਐਤਵਾਰ ਮਿਤੀ 27 ਜੁਲਾਈ 2014 ਨੂੰ ਦਿ ਪੀਪਲਜ਼ ਵਾਇਸ ਵਲੋਂ ਬਾਸੂ ਚੈਟਰਜੀ ਦੀ ਹਿੰਦੀ ਫ਼ਿਲਮ ''ਏਕ ਰੁਕਾ ਹੂਆ ਫੈਸਲਾ'' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਸ਼ੋਅ ਦੀ ਸ਼ੁਰੂਆਤ ਕਰਦਿਆਂ ਹੋਇਆ ਸੰਸਥਾ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ ਫ਼ਿਲਮ ਦੇ ਨਿਰਦੇਸ਼ਕ ਬਾਸੂ ਚੈਟਰਜ਼ੀ ਹਿੰਦੀ ਸਿਨੇਮਾ ਦੇ ਉਸ ਸਮੂਹ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਵਿਚਕਾਰਲੇ ਰਾਹੀ ਫ਼ਿਲਮ ਨਿਰਦੇਸ਼ਕਾਂ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਫ਼ਿਲਮ ਅਮਰੀਕੀ ਫ਼ਿਲਮ ''12 ਐਂਗਰੀ ਮੈੱਨ'' 'ਤੇ ਅਧਾਰਤ ਹੈ ਪਰ ਇਸ ਦੇ ਬਾਵਜੁਦ ਫ਼ਿਲਮ ਵਿਚ ਖੇਤਰੀਵਾਦ, ਫਿਰਕਾਪ੍ਰਸਤੀ ਜਿਹੇ ਮੁੱਦਿਆਂ ਨੂੰ ਬਰੀਕੀ ਨਾਲ਼ ਛੋਹਿਆ ਗਿਆ ਹੈ ਅਤੇ ਮੌਜੂਦਾ ਦੌਰ ਵਿਚ ਫ਼ਿਲਮ ਦੀ ਮਹੱਤਤਾ ਹੋਰ ਵੀ ਵਧ ਗਈ ਹੈ।
ਫ਼ਿਲਮ ਦੇ ਪ੍ਰਦਰਸ਼ਨ ਦੇ ਬਾਅਦ ਵਿਚ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਮੈਂਬਰ ਸ਼ੈਲੇਸ਼ ਨੇ ਕਿਹਾ ਕਿ ਫ਼ਿਲਮ ਵਿਚ ਬੰਦੇ ਦੇ ਅਣਮਨੁੱਖੀਕਰਣ ਦੇ ਮੁੱਦੇ ਅਤੇ ਜ਼ੁਰਮ ਦੇ ਸਮਾਜ ਪੱਖਾਂ ਨੂੰ ਬਹੁਤ ਚੰਗੇ ਢੰਗ ਨਾਲ਼ ਉਠਾਇਆ ਗਿਆ ਹੈ।
ਉੱਘੇ ਫ਼ਿਲਮਕਾਰ ਬਖ਼ਸ਼ਿੰਦਰ ਦਾ ਕਹਿਣਾ ਸੀ ਕਿ ਫ਼ਿਲਮ ਵਿਚਲੇ 12 ਕਿਰਦਾਰਾਂ ਦੀ ਪਿੱਠਭੂਮੀ ਵੱਖ ਵੱਖ ਹੈ ਜੋ ਕਿਸੇ ਬੰਦੇ ਦੀ ਹੋਣੀ ਤੈਅ ਕਰਦੇ ਹਨ। ਉਨ੍ਹਾਂ ਨੇ ਵੱਖ ਵੱਖ ਅਦਾਕਾਰਾਂ ਵਲੋਂ ਨਿਭਾਏ ਗਏ ਕਿਰਦਾਰਾਂ ਨੂੰ ਸ਼ਾਹਕਾਰ ਅਦਾਕਾਰੀ ਦਾ ਨਮੂਨਾ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਪੰਕਜ਼ ਕਪੂਰ ਜਿਹਾ ਹੰਢਿਆ ਕਲਾਕਾਰ ਹੀ ਇਸ ਫ਼ਿਲਮ ਵਿਚ ਨਿਭਾਇਆ ਗਿਆ ਕਿਰਦਾਰ ਨਾਲ ਨਿਆ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਇਕ ਬਾਰ ਫੜੀਆਂ ਨਹੀਂ ਜਾਂਦੀਆਂ, ਇਨ੍ਹਾਂ ਨੂੰ ਬਾਰ ਬਾਰ ਦੇਖਣ ਦੀ ਲੋੜ ਪੈਂਦੀ ਹੈ।
ਬਹਿਸ ਵਿਚ ਆਪਣੀ ਗੱਲ ਰੱਖਦਿਆਂ ਡਾ ਚੀਮਾ ਦਾ ਕਹਿਣਾ ਸੀ ਕਿ ਸਾਡੀ ਨਿਆ ਪ੍ਰਣਾਲੀ ਸਬੂਤਾਂ ਤੇ ਅਧਾਰਤ ਹੈ ਫ਼ਿਲਮ ਵਿਚ ਇਸ ਦੀ ਸੀਮਤਾਈ ਨੂੰ ਦਰਸਾਇਆ ਗਿਆ ਹੈ ਕਿ ਕਿਵੇਂ ਵਿਗਿਆਨਕ ਛਾਣਬੀਣ ਨਾਲ਼ ਮਕੱਦਮੇ ਦੇ ਅਰਥ ਹੀ ਬਦਲ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਦੇ ਹਾਲਤ ਹੀ ਉਸ ਦੀ ਹੋਣੀ ਨੂੰ ਤੈਅ ਕਰਦੇ ਹਨ।
ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਪ੍ਰੋ ਸੁਰਜੀਤ ਜੱਜ ਨੇ ਕਿਹਾ ਕਿ ਫ਼ਿਲਮ ਦੇਖਦਿਆਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਦਰਸ਼ਕ ਫ਼ਿਲਮ ਨਹੀਂ ਸਗੋਂ ਨਾਟਕ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਵੱਖ ਵੱਖ ਪਿਛੋਕੜਾਂ 'ਚੋਂ ਆਏ ਇਨਸਾਨਾਂ ਦਾ ਕਿਸੇ ਮੁੱਦੇ ਤੇ ਸਹਿਮਤ ਹੋਣਾ ਉਸ ਦੌਰ ਦੀ ਰੋਮਾਟਿਕ ਸੋਚ ਨੂੰ ਦਰਸਾਉਂਦਾ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਅਨੁਸਾਰ ਢਾਲ਼ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਦੇ ਕਿਰਾਦਰ ਨੂੰ ਅਤੀਤ ਦੇ ਬਿੰਬ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਤੋਂ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਪਰ ਉਹ ਬਾਰ ਬਾਰ ਸਾਡੇ ਅੱਗੇ ਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਏਨੇ ਵੰਡੇ ਹੋਏ ਲੋਕਾਂ ਨੂੰ ਇਕ ਪੇਸ਼ ਕਰਕੇ ਨਿਰਦੇਸ਼ਕ ਭਾਰਤੀ ਜਮਹੂਰੀਅਤ ਦੀ ਜਿੱਤ ਨੂੰ ਦਰਸਾ ਰਿਹਾ ਹੈ।
ਸੰਸਥਾ ਦੇ ਮੈਂਬਰ ਮਹੇਸ਼ਵਰ ਦਾ ਕਹਿਣਾ ਸੀ ਕਿ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸੇ ਵੀ ਸ਼ੈਅ ਨੂੰ ਦੇਖਣ ਦੇ ਕਈ ਕੋਣ ਹੁੰਦੇ ਹਨ ਪਰ ਜ਼ਿਆਦਾ ਬੰਦੇ ਸਿਰਫ਼ ਸਤਹੀ ਸੋਚ ਰੱਖਦੇ ਹਨ ਪਰ ਯਤਨਾਂ ਨਾਲ਼ ਉਨ੍ਹਾਂ ਨੂੰ ਇਸ ਪਾਸੇ ਲਾਇਆ ਜਾ ਸਕਦਾ ਹੈ।
ਬਹਿਸ ਵਿਚ ਹਿੱਸਾ ਲੈਂਦਿਆਂ ਨੰਨੇ ਬਾਲਕ ਸੁਹਿਰਦ ਨੇ ਕਿਹਾ ਕਿ ਫ਼ਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਵੱਡੇ ਲੋਕ ਕਿੰਨੀ ਬੁਰੀ ਤਰ੍ਹਾਂ ਲੜਦੇ ਹਨ।
ਬਹਿਸ ਵਿਚ ਮਨਦੀਪ ਸਨੇਹੀ ਅਤੇ ਦੀਪ ਨਿਰਮੋਹੀ ਨੇ ਵੀ ਹਿੱਸਾ ਲਿਆ।
*****